ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅੱਜ 200 ਫੁੱਟ ਉੱਚਾ ਲੱਗਣ ਵਾਲਾ ਤਿਰੰਗਾ ਝੰਡਾ ਲੈ ਕੇ ਸਾਦਕੀ ਚੌਕੀ ਪਹੁੰਚੇ। ਉਨ੍ਹਾਂ ਨੇ ਪਹਿਲਾਂ ਫਾਜ਼ਿਲਕਾ ਦੇ ਡੀਸੀ ਦਫਤਰ ਤੋਂ ਇਤਿਹਾਸਿਕ ਘੰਟਾ ਘਰ ਚੌਂਕ ਤੱਕ ਤਿਰੰਗਾ ਯਾਤਰਾ ਕੱਢੀ, ਜਿਸ ਵਿੱਚ ਜ਼ਿਲ੍ਹੇ ਦੇ ਡੀਸੀ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਰੀ ਉਤਸਾਹ ਨਾਲ ਭਾਗ ਕੇ ਲਿਆ। ਇਸ ਤੋਂ ਬਾਅਦ ਗੱਡੀਆਂ ਦੇ ਵੱਡੇ ਕਾਫਲੇ ਨਾਲ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਤਿਰੰਗੇ ਝੰਡੇ ਨੂੰ ਲੈ ਕੇ ਸਾਦਕੀ ਚੌਂਕੀ 'ਤੇ ਪਹੁੰਚੇ। ਤਿਰੰਗੇ ਝੰਡੇ ਨੂੰ ਫੌਜ ਦੀ ਖੁੱਲ੍ਹੀ ਗੱਡੀ ਵਿੱਚ ਸਤਿਕਾਰ ਨਾਲ ਸਜਾਇਆ ਗਿਆ ਸੀ, ਇਸ ਗੱਡੀ ਉੱਤੇ ਥਾਂ-ਥਾਂ 'ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਬੀਐਸਐਫ ਵੱਲੋਂ ਮੰਗ ਰੱਖੀ ਗਈ ਸੀ ਕਿ ਇੱਥੇ ਉੱਚਾ ਝੰਡਾ ਲਗਾਇਆ ਜਾਵੇ, ਕਿਉਂਕਿ ਪਾਕਿਸਤਾਨ ਦਾ ਝੰਡਾ ਪਹਿਲਾਂ ਸਾਡੇ ਝੰਡੇ ਤੋਂ ਉੱਚਾ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਅਤੇ ਇੱਥੇ 200 ਫੁੱਟ ਉੱਚਾ ਭਾਰਤ ਦਾ ਕੌਮੀ ਤਿਰੰਗਾ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਕੌਮੀ ਝੰਡੇ ਨੂੰ 15 ਅਗਸਤ ਵਾਲੇ ਦਿਨ ਲੋਕ ਸਮਰਪਿਤ ਵੀ ਕੀਤਾ ਜਾਵੇਗਾ।
Comments