Skip to playerSkip to main contentSkip to footer
  • 4/7/2015
ਆਨਲਾਈਨ ਨਸਲਪ੍ਰਸਤੀ ਦਾ ਪ੍ਰਗਟਾਵਾ-
ਨਿਊਜ਼ੀਲੈਂਡ ‘ਚ ਇਕ ਸਿੱਖ ਵਿਦਿਆਰਥੀ ਨੂੰ ਅੱਤਵਾਦੀ ਅੰਕਿਤ ਕਰਕੇ ਜਾਨੋ ਮਾਰਨ, ਪੱਗ ਲਾਹਣ ਤੇ ਲੱਤਾਂ ਤੋੜਨ ਦੀ ਦਿੱਤੀ ਗਈ ਧਮਕੀ
- ਮਾਮਲਾ ਪੁਲਿਸ ਅਤੇ ਰਾਸ਼ਟਰੀ ਟੀ.ਵੀ. ਤੱਕ ਪਹੁੰਚਿਆ
- ਪੁਲਿਸ ਨੇ ਮਾਮਲਾ ਆਨਲਾਈਨ ਹੋਣ ਕਰਕੇ ਜਿਆਦਾ ਕੁਝ ਕਰਨ ਤੋਂ ਆਪਣੇ ਹੱਥ ਖਿੱਚੇ
ਆਕਲੈਂਡ 6 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਸ਼ਹਿਰ ਕੈਂਟਰਬਰੀ ਦੇ ਵਿਚ ਇਕ 23 ਸਾਲਾ ਸਿੱਖ ਵਿਦਿਆਰਥੀ ਰਾਜਵਿੰਦਰ ਸਿੰਘ ਦੀ ਕਿਸੇ ਨਸਲਪ੍ਰਸਤ ਵਿਅਕਤੀ ਨੇ ਫੋਟੋ ਖਿੱਚ ਕੇ ਆਨਲਾਈਨ ਪਾ ਦਿੱਤੀ ਅਤੇ ਇਹ ਲਿਖ ਦਿੱਤਾ ਕਿ ਇਹ ਅੱਤਵਾਦੀ ਹੈ। ਇਹ ਮਾਮਲਾ ਜਿੱਥੇ ਨਿਊਜ਼ੀਲੈਂਡ ਪੁਲਿਸ ਤੱਕ ਪਹੁੰਚਿਆ ਹੋਇਆ ਹੈ ਉਥੇ ਨੈਸ਼ਨਲ ਮੀਡੀਏ (ਵੱਨ ਨਿਊਜ਼) ਨੇ ਅੱਜ ਇਸ ਸਬੰਧੀ ਇਕ ਵਿਸ਼ੇਸ਼ ਰਿਪੋਰਟ ਜਾਰੀ ਕੀਤੀ। ਘਟਨਾ 9 ਜਨਵਰੀ ਦੀ ਹੈ ਜਦੋਂ ਇਕ ਫੇਸ ਬੁੱਕ ਪੇਜ਼ ‘ਮਿਸਿੰਗ ਪਰਸਨਜ਼ ਕ੍ਰਾਈਸਟਚਰਚ ਐਂਡ ਕੈਂਟਰਬਰੀ’ ਵੱਲੋਂ ਇਸ ਦੀ ਬੱਸ ਵਿਚ ਬੈਠਿਆਂ ਦੀ ਫੋਟੋ ਖਿਚ ਕੇ ਪਾਈ ਗਈ ਸੀ। ਇਸ ਤੋਂ ਬਾਅਦ ਲੋਕਾਂ ਨੇ ਧੜਾ-ਧੜ ਨਫਰਤ ਭਰੇ ਕੁਮੈਂਟ ਪਾਉਣੇ ਸ਼ੁਰੂ ਕੀਤੇ। ਉਨ੍ਹਾਂ ਇਥੇ ਤੱਕ ਕਹਿ ਦਿੱਤਾ ਕਿ ਇਸਦੇ ਸਿਰ ਉਤੇ ਬੈਟ ਮਾਰੋ, ਪੱਗ ਲਾਹ ਦਿਓ ਅਤੇ ਲੱਤਾਂ ਤੋੜ ਦਿਓ। ਇਸ ਨੂੰ ਮਾਰਨ ਤੱਕ ਦੀ ਧਮਕੀ ਦੇ ਦਿੱਤੀ ਗਈ। ਇਕ ਨੇ ਕਿਹਾ ਕਿ ਮੈਂ ਮਾਰਨ ਜਾਵਾਂਗਾ। ਕਈਆਂ ਨੇ ਦੱਸਿਆ ਕਿ ਇਹ ਇਸ ਪੈਟਰੋਲ ਪੰਪ ਉਤੇ ਕੰਮ ਕਰਦਾ ਹੈ। 30 ਜਨਵਰੀ ਨੂੰ ਮਾਮਲਾ ਪੁਲਿਸ ਦੇ ਕੋਲ ਗਿਆ ਤਾਂ ਪੁਲਿਸ ਨੇ ਕਿਹਾ ਕਿ ਇਹ ਸਿਰਫ ਆਨ ਲਾਈਨ ਮਾਮਲਾ ਹੈ ਜਨਤਕ ਤੌਰ ‘ਤੇ ਨਹੀਂ ਹੈ ਇਸ ਕਰਕੇ ਉਹ ਉਸਦੀ ਕੋਈ ਸੁਰੱਖਿਆ ਨਹੀਂ ਕਰ ਸਕਦੇ। ਪੁਲਿਸ ਦਾ ਕਹਿਣਾ ਹੈ ਕਿ ਆਨ ਲਾਈਨ ਮਾਰਨ ਦੀ ਧਮਕੀ ਦੇਣਾ ਅਪਰਾਧ ਨਹੀਂ ਹੈ। ਪਰ ‘ਹਾਰਮਫੁੱਲ ਡਿਜ਼ੀਟਲ ਕਮਿਊਨੀਕੇਸ਼ਨਜ਼ ਬਿੱਲ’ ਦੇ ਰਾਹੀਂ ਅਜਿਹੇ ਲੋਕਾਂ ਨੂੰ ਤਿੰਨ ਮਹੀਨੇ ਦੀ ਸਜ਼ਾ ਜਾਂ 2000 ਡਾਲਰ ਤੱਕ ਜ਼ੁਰਮਾਨਾ ਹੋ ਸਕਦਾ ਹੈ। ਇਹ ਕਾਨੂੰਨ ਅਗਲੇ ਮਹੀਨੇ ਤੱਕ ਲਾਗੂ ਹੋਣ ਵਾਲਾ ਹੈ। ਇਸ ਨੌਜਵਾਨ ਨੇ ਹਰਾਸਮੈਂਟ ਵਿਕਟਿਮ ਰਿਸਪਾਂਸ ਸਿਰਲੇਖ ਦੇ ਅਧੀਨ ਇਕ ਵੀਡੀਓ ਵੀ ਪਾਈ ਹੈ ਅਤੇ ਸਾਰੀ ਘਟਨਾ ਬਾਰੇ ਦੱਸਿਆ ਹੈ। ਉਸਨੇ ਅਜਿਹੇ ਕੁਮੈਂਟ ਪਾਉਣ ਵਾਲਿਆਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਉਸ ਵੱਲੋਂ ਕੋਈ ਗਲਤ ਕੀਤਾ ਗਿਆ ਕੰਮ ਵੇਖਿਆ ਹੈ ਤਾਂ ਉਹ ਸਾਹਮਣੇ ਆ ਕੇ ਦੱਸਣ, ਉਹ ਕਿਸੀ ਵੀ ਸਜ਼ਾ ਲਈ ਤਿਆਰ ਰਹੇਗਾ। ਉਸਨੇ ਕਿਹਾ ਕਿ ਕੀਵੀ ਦੁਨੀਆ ਦੇ ਵਿਚ ਚੰਗੇ ਮੰਨੇ ਜਾਂਦੇ ਹਨ ਇਸ ਕਰਕੇ ਉਸਨੇ ਇਥੇ ਆ ਕੇ ਪੜ੍ਹਾਈ ਕਰਨ ਨੂੰ ਪਹਿਲ ਦਿੱਤੀ ਹੈ। ਉਹ ਪੜ੍ਹਾਈ ਕਰਦਾ ਹੈ ਅਤੇ ਪਾਰਟ ਟਾਈਮ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਅਤੇ ਦੇਸ਼ ਦੀ ਆਰਥਿਕਤਾ ਵਿਚ ਹਿੱਸਾ ਪਾਉਂਦਾ ਹੈ।
ਇਸ ਪੋਸਟ ਸਬੰਧੀ ਜਦੋਂ ਇਕ ਸਿੱਖ ਨੌਜਵਾਨ ਨੇ ਠੋਕ ਕੇ ਜਵਾਬ ਦਿੱਤਾ ਤਾਂ ਪੋਸਟ ਪਾਉਣ ਵਾਲੇ ਨੇ ਗਲਤੀ ਮੰਨ ਕੇ ਇਹ ਪੋਸਟ ਹਟਾ ਲਈ। ਉਸਨੇ ਆਪਣੇ ਹੱਥ ਨਾਲ ਹੋਈ ਵੱਡੀ ਗਲਤੀ ਦੱਸਿਆ। ਉਸਨੇ ਕਿਹਾ ਕਿ ਉਸਦਾ ਦੋਸਤ ਮੈਨੂੰ ਇਸ ਤਰ੍ਹਾਂ ਦੇ ਲਈ ਭੜਕਾ ਰਿਹਾ ਸੀ, ਜਿਸ ਕਰਕੇ ਉਸ ਕੋਲੋਂ ਗਲਤੀ ਹੋ ਗਈ।
‘ਹਾਰਮਫੁੱਲ ਡਿਜ਼ੀਟਲ ਕਮਿਊਨੀਕੇਸ਼ਨਜ਼ ਬਿੱਲ’: ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਆਨ ਲਾਈਨ ਸ਼ੋਸ਼ਲ ਮੀਡੀਆ ਦੇ ਉਤੇ ਬਹੁਤ ਸਾਰੀਆਂ ਜਿਹੀਆਂ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਬੇਕਸੂਰ ਲੋਕਾਂ ਨੂੰ ਕਈ ਤਰ੍ਹਾਂ ਦੀ ਪ੍ਰੇਸ਼ਾਨੀ ਅਤੇ ਹਰਾਸਮੈਂਟ ਹੁੰਦੀ ਹੈ। ਸਰਕਾਰ ਹੁਣ ‘ਹਾਰਮਫੁੱਲ ਡਿਜ਼ੀਟਲ ਕਮਿਊਨੀਕੇਸ਼ਨਜ਼ ਬਿੱਲ’ ਲਿਆ ਰਹੀ ਹੈ ਜਿਸ ਦੇ ਅਗਲੇ ਮਹੀਨੇ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ। ਇਸਦੇ ਨਾਲ ਅਜਿਹੀਆਂ ਧਮਕੀ ਭਰੀਆਂ ਅਤੇ ਨਫਰਤ ਭਰੀਆਂ ਪੋਸਟਾਂ ਪਾਉਣ ਵਾਲਿਆਂ ਨੂੰ ਨਕੇਲ ਪਾਈ ਜਾਵੇਗੀ। ਦੋਸ਼ੀ ਸਾਬਿਤ ਹੋਣ ‘ਤੇ ਅਜਿਹੇ ਲੋਕਾਂ ਨੂੰ ਤਿੰਨ ਮਹੀਨੇ ਦੀ ਸਜ਼ਾ ਅਤੇ 2000 ਡਾਲਰ ਜ਼ੁਰਮਾਨਾ ਹੋ ਸਕੇਗਾ। ਕਿਸੇ ਦੀ ਸ਼ਾਨ ਦੇ ਖਿਲਾਫ ਪੋਸਟਾਂ ਪਾਉਣ ਵਾਲਿਆਂ ਲਈ ਇਹ ਬਿੱਲ ਸਬਕ ਸਿਖਾਉਣ ਦੇ ਲਈ ਕਾਫੀ ਮੰਨਿਆ ਜਾ ਰਿਹਾ ਹੈ।

Category

🗞
News

Recommended